ਐਨ.ਡੀ.ਪੀ. ਸਰਕਾਰ ਬੀ.ਸੀ. ਵਿੱਚ ਅਪਰਾਧ ਦੇ ਮੁੱਦਿਆਂ ਲਈ ਐਲਾਨ ਕੀਤੀ ਫੰਡਿੰਗ ਕਾਫੀ ਨਹੀਂ: ਕੰਜ਼ਰਵੇਟਿਵ ਵਿਧਾਇਕ

ਕੰਜ਼ਰਵੇਟਿਵ ਵਿਧਾਇਕਾਂ ਦਾ ਕਹਿਣਾ ਹੈ ਕਿ ਐੱਨ.ਡੀ.ਪੀ. ਸਰਕਾਰ ਵੱਲੋਂ ਬੀ.ਸੀ. ਵਿੱਚ ਅਪਰਾਧ ਨੂੰ ਲੈ ਕੇ ਦਿੱਤੀ ਗਈ ਫੰਡਿੰਗ ਕਾਫੀ ਨਹੀਂ ਹੈ।

ਐੱਨ.ਡੀ.ਪੀ. ਸਰਕਾਰ ਨੇ ਨਵੀਂ ਪੁਲਿਸਿੰਗ ਤਕਨਾਲੋਜੀ ਅਤੇ ਵੱਧ ਗਸ਼ਤਾਂ ਲਈ ਕੁਝ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ, ਤਾਂ ਜੋ ਡਾਊਨਟਾਊਨ ਖੇਤਰਾਂ ਵਿੱਚ ਵਧ ਰਹੇ ਅਪਰਾਧ ਦਾ ਮੁਕਾਬਲਾ ਕੀਤਾ ਜਾ ਸਕੇ।

ਪਰ ਕੰਜ਼ਰਵੇਟਿਵ ਵਿਧਾਇਕਾਂ ਨੇ ਕਿਹਾ ਕਿ ਐੱਨ.ਡੀ.ਪੀ. ਸਰਕਾਰ ਪੂਰੇ ਸੂਬੇ ਵਿੱਚ ਸਿਰਫ 5 ਮਿਲੀਅਨ ਡਾਲਰ ਤੱਕ ਹੀ ਪ੍ਰਦਾਨ ਕਰੇਗੀ – ਜੋ ਕਿ ਬੀ.ਸੀ. ਦੇ ਲਗਭਗ ਹਰ ਸ਼ਹਿਰ ਅਤੇ ਕਸਬੇ ਵਿੱਚ ਸੜਕਾਂ ‘ਤੇ ਦਿਖਾਈ ਦੇਣ ਵਾਲੇ ਖੁੱਲ੍ਹੇਆਮ ਨਸ਼ੀਲੇ ਪਦਾਰਥਾਂ ਦੀ ਵਰਤੋਂ, ਚੋਰੀ, ਡਕੈਤੀ, ਜਾਇਦਾਦ ਨੂੰ ਨੁਕਸਾਨ, ਜਨਤਕ ਅਸ਼ਲੀਲਤਾ ਅਤੇ ਹਥਿਆਰਾਂ ਦੀ ਵਰਤੋਂ ਨੂੰ ਹੱਲ ਕਰਨ ਲਈ ਨਾਕਾਫ਼ੀ ਰਕਮ ਹੈ।

ਸਰੀ-ਕਲੋਵਰਡੇਲ ਤੋਂ ਵਿਧਾਇਕ ਐਲੇਨੋਰ ਸਟਰਕੋ ਨੇ ਕਿਹਾ “ਇਹ ਤਾਂ ਸਮੁੰਦਰ ਵਿੱਚ ਇਕ ਬੂੰਦ ਵਾਂਗ ਹੈ। ਸਿਰਫ਼ ਵਿਲੀਅਮਜ਼ ਲੇਕ ਨੂੰ ਹੀ 5 ਮਿਲੀਅਨ ਡਾਲਰ ਦੀ ਲੋੜ ਹੈ। ਜੇਕਰ ਅਸੀਂ ਸੂਬਾ ਪੱਧਰ ‘ਤੇ ਨਤੀਜੇ ਚਾਹੁੰਦੇ ਹਾਂ, ਤਾਂ ਇਹ ਰਕਮ ਬਿਲਕੁਲ ਘੱਟ ਹੈ।”

ਕੈਰੀਬੂ-ਚਿਲਕੋਟਿਨ ਤੋਂ ਵਿਧਾਇਕ ਲੋਰਨੇ ਡੋਰਕਸਨ ਨੇ ਕਿਹਾ ਕਿ “ਇਹ ਮੈਨੂੰ ਨਾਜਾਇਜ਼ ਲੱਗਦਾ ਹੈ ਕਿ ਸਰਕਾਰ ਸੋਚਦੀ ਹੈ ਕਿ ਬੀ.ਸੀ. ਦੇ ਹਰ ਵਿਅਕਤੀ ਲਈ ਇੱਕ ਡਾਲਰ ਦੇ ਕੇ ਇਹ ਸਮੱਸਿਆ ਹੱਲ ਹੋ ਜਾਵੇਗੀ। ਅਪਰਾਧੀਆਂ ਨੂੰ ਗੰਭੀਰ ਜੁਰਮ ਕਰਨ ਤੋਂ ਕੁਝ ਘੰਟਿਆਂ ਜਾਂ ਦਿਨਾਂ ਬਾਅਦ ਮੁੜ ਰਿਹਾਅ ਕਰ ਦਿੱਤਾ ਜਾਂਦਾ ਹੈ। ਇਹ ਸੰਕਟ ਰੋਕਣ ਲਈ ਸਾਡੀ ਸਰਕਾਰ ਨੂੰ ਕੈਦ ਜਾਂ ਇਲਾਜ — ਜਾਂ ਦੋਹਾਂ ਦੀ ਜ਼ਰੂਰਤ ਹੈ।”