ਐਨਦੀਪੀ ਸਰਕਾਰ ਦੇ ਵਿਵਾਦਿਤ ਬਿੱਲ 15 ਦੇ ਇਕ ਵੋਟ ਨਾਲ ਪਾਸ ਹੋਣ ਤੋਂ ਬਾਅਦ, ਬੀ.ਸੀ. ਕਨਜ਼ਰਵੇਟਿਵਜ਼ ਨੇ ਦਾਅਵਾ ਕੀਤਾ ਹੈ ਕਿ ਬਿੱਲ 15 ‘ਤੇ ਹੋਇਆ ਇਕ ਮਹੱਤਵਪੂਰਨ ਵੋਟ ਗਲਤ ਢੰਗ ਨਾਲ ਪਾਇਆ ਗਿਆ ਸੀ, ਕਿਉਂਕਿ ਐਨਦੀਪੀ ਵਿਧਾਇਕ ਦੀ ਵੀਡੀਓ ਕਾਲ ‘ਚ ਬੈਕਗ੍ਰਾਊਂਡ ਧੁੰਦਲਾ ਸੀ।

ਬੀ.ਸੀ. ਕਨਜ਼ਰਵੇਟਿਵ ਲੀਡਰ ਜੌਹਨ ਰੁਸਟਡ ਨੇ ਕਿਹਾ ਕਿ ਸਪੀਕਰ ਰਾਜ ਚੌਹਾਨ ਵੱਲੋਂ ਕਾਇਮ ਕੀਤੇ ਨਿਯਮਾਂ ਅਨੁਸਾਰ, ਜੇ ਕੋਈ ਵਿਧਾਇਕ ਵੀਡੀਓ ਕਾਲ ਰਾਹੀਂ ਵੋਟ ਕਰਦਾ ਹੈ ਤਾਂ ਉਹ ਵਰਚੁਅਲ ਬੈਕਗ੍ਰਾਊਂਡ ਨਹੀਂ ਵਰਤ ਸਕਦਾ ਅਤੇ ਤਸਵੀਰ ਇੰਨੀ ਸਾਫ ਹੋਣੀ ਚਾਹੀਦੀ ਹੈ ਕਿ ਉਸ ਦੀ ਸਥਿਤੀ ਸਪਸ਼ਟ ਦਿਖਾਈ ਦੇਵੇ।

ਕੰਜ਼ਰਵੇਟਿਵ ਵਿਧਾਇਕ ਪੀਟਰ ਮਿਲੋਬਾਰ ਨੇ ਵੋਟ ਤੋਂ ਤੁਰੰਤ ਬਾਅਦ ਦਾਅਵਾ ਕੀਤਾ ਸੀ ਕਿ ਵਪਾਰ ਮੰਤਰੀ ਰਿੱਕ ਗਲੁਮੈਕ ਨੇ ਇਹ ਨਿਯਮ ਤੋੜਿਆ ਹੈ। ਬਿੱਲ 14 ਅਤੇ ਬਿੱਲ 15 ਦੋਹਾਂ ‘ਤੇ ਵੋਟ ਟਾਈ ਹੋ ਗਈ ਸੀ, ਜਿਸ ਤੋਂ ਬਾਅਦ ਸਪੀਕਰ ਨੇ ਆਪਣੀ ਵੋਟ ਨਾਲ ਫੈਸਲਾ ਸੁਣਾਇਆ।

ਰੁਸਟਡ ਨੇ ਇਸ ਘਟਨਾ ਨੂੰ “ਬਲਰਗੇਟ ” ਨਾਮ ਦਿੱਤਾ। ਉਨ੍ਹਾਂ ਕਿਹਾ ਕਿ “ਸਪੀਕਰ ਨੇ ਆਪਣਾ ਹੀ ਨਿਯਮ ਤੋੜ ਕੇ ਇਸ ਵੋਟ ਨੂੰ ਮੰਨਿਆ”।

ਦੂਜੇ ਪਾਸੇ, ਸਰਕਾਰ ਦੇ ਹਾਊਸ ਆਗੂ ਮਾਈਕ ਫਾਰਨਵਰਥ ਨੇ ਰੁਸਟਡ ਦੇ ਦਾਵਿਆਂ ਨੂੰ “ਬੇਤੁਕੇ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ “ਧੁੰਦਲਾਪਨ ਵਰਚੁਅਲ ਬੈਕਗ੍ਰਾਊਂਡ ਕੁਝ ਨਹੀਂ ਹੁੰਦਾ”।

ਫਾਰਨਵਰਥ ਨੇ ਕਿਹਾ ਕਿ ਬਿੱਲ 14 ਅਤੇ ਬਿੱਲ 15 ਨੂੰ ਲੈ ਕੇ ਕਈ ਵਿਵਾਦ ਸਨ, ਪਰ ਇਸ ਦੀ ਲੋੜ ਨੂੰ ਜਾਇਜ਼ ਹੈ।

ਇਹ ਦੋਵੇਂ ਬਿੱਲ ਬੀ.ਸੀ. ਊਰਜਾ ਰੈਗੂਲੇਟਰ ਦੇ ਹੇਠ ਨਵੀਆਂ ਨਵਿਆਉਣਯੋਗ ਊਰਜਾ ਯੋਜਨਾਵਾਂ ਅਤੇ ਬੁਨਿਆਦੀ ਢਾਂਚੇ ਵਾਲੇ ਪ੍ਰੋਜੈਕਟਾਂ ਦੀ ਪਰਮਿਟਿੰਗ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਲਿਆਂਦੇ ਗਏ ਹਨ।